ਲੋਕ ਬੜੀ ਸ਼ਰਧਾ ਭਾਵਨਾ ਨਾਲ ਗੁਰੂ ਕੀ ਨਗਰੀ ਅੰਮ੍ਰਿਤਸਰ ਨਤਮਸਤਕ ਹੋਣ ਲਈ ਪਹੁੰਚਦੇ ਹਨ। ਦੂਜੇ ਪਾਸੇ ਬਜ਼ਾਰਾਂ 'ਚ ਘੁੰਮ ਕੇ ਹੋਟਲ ਬੁੱਕ ਕਰਵਾਉਣ ਵਾਲੇ ਟਾਊਟ ਹੋਟਲਾਂ 'ਚ ਲੜਕੀਆਂ ਮੁਹੱਈਆ ਕਰਵਾਉਣ ਲਈ ਗਾਹਕਾਂ ਨੂੰ ਪੇਸ਼ਕਸ਼ ਕਰਕੇ ਪਵਿੱਤਰ ਸ਼ਹਿਰ ਨੂੰ ਬਦਨਾਮ ਕਰ ਰਹੇ ਹਨ। ਅਜਿਹੀ ਇੱਕ ਘਟਨਾ ਯੂਟਿਊਬਰ ਉਮਰ ਨਾਲ ਵਾਪਰੀ, ਜਦੋਂ ਉਮਰ ਨੂੰ ਹਰਿਮੰਦਰ ਸਾਹਿਬ ਦੇ ਨੇੜੇ ਇਕ ਟਾਊਟ ਨੇ ਲੜਕੀ ਦੀ ਪੇਸ਼ਕਸ਼ ਕੀਤੀ, ਜੇਕਰ ਉਹ ਉਹਨਾਂ ਦੇ ਹੋਟਲ 'ਚ ਕਮਰਾ ਲੈ ਲਵੇ। ਇਹ ਸਾਰੀ ਘਟਨਾ ਉਮਰ ਦੇ ਮੋਬਾਈਲ 'ਚ ਰਿਕਾਰਡ ਹੋ ਗਈ । ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਕਤ ਦਲਾਲ ਨੂੰ ਲੈ ਕੇ ਲੋਕਾਂ ਵਲੋਂ ਕਈ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ । ਲੋਕਾਂ ਦਾ ਕਹਿਣਾ ਹੈ ਕਿ ਇਹ ਸਭ ਪੁਲਿਸ ਦੀ ਮਿਲੀਭੁਗਤ ਨਾਲ ਹੋ ਰਿਹਾ ਹੈ। ਉਧਰ ਦੂਜੇ ਪਾਸੇ ਸਿੱਖ ਜਥੇਬੰਦੀਆਂ ਵੱਲੋਂ ਵਿਰਾਸਤੀ ਮਾਰਗ 'ਤੇ ਸਥਿਤ ਹੋਟਲ ਮਾਲਕਾਂ ਨਾਲ ਇਸ ਸੰਬੰਧੀ ਗੱਲਬਾਤ ਕੀਤੀ ਗਈ, ਜਿੱਥੇ ਸਾਰੇ ਹੋਟਲ ਮਾਲਕਾਂ ਵੱਲੋਂ ਸਿੱਖ ਜਥੇਬੰਦੀਆਂ ਦਾ ਸਾਥ ਦਿੱਤਾ ਗਿਆ।